MY DIARY
ਯਾਦ ਆਉਂਦੀ ਐ
ਲੰਮੇ ਪੈ ਰਾਤਾਂ ਨੂੰ ਗਿਣਦੇ ਰਹਿੰਦੇ ਸਾਂ ਤਾਰੇ,
ਦਿਨ ਪਿਆਰੇ ਬਚਪਨ ਦੇ ਜੋ ਘਰਦਿਆਂ ਸੰਗ ਗੁਜ਼ਾਰੇ,
ਹੁਣ ਮਾਲਾਂ ਤੇ ਸਿਨਮੇਆਂ 'ਚ ਜਾ ਕੇ ਡੰਗ ਟਪਾਉਂਦੇ ਨੂੰ,
ਦਾਦੀ ਤੋਂ ਸੁਣੀ ਰੂਪ ਬਸੰਤ ਦੀ ਕਹਾਣੀ ਯਾਦ ਆਉਂਦੀ ਐ,
ਬਚਪਨ ਦੀ ਹਰ ਮੌਜ ਮਾਣੀ ਯਾਦ ਆਉਂਦੀ ਐ,
ਬੰਦ ਪੈਕਟਾਂ ਦੀ ਲੱਸੀ ਪੀਂਦੇ ਨੂੰ,
ਤੇ ਮੁੱਲ ਦਾ ਮੱਖਣ ਖਾਂਦੇ ਨੂੰ,
ਦੁੱਧ ਰਿੜੱਕਦੀ, ਮੱਖਣੀ ਕੱਢਦੀ,
ਅੰਮੜੀ ਦੀ ਮਧਾਣੀ ਯਾਦ ਆਉਂਦੀ ਐ,
ਘਰ ਦੇ ਦੁੱਧ ਦਾ ਸੀ ਖੋਆ ਖਾਂਦੇ,
ਕਦੇ ਸੇਵੀਆਂ ਤੇ ਕਦੇ ਖੀਰ ਬਣਾਉਂਦੇ,
ਹੁਣ ਮਿਲਾਵਟੀ ਦੁੱਧ ਖੋਏ ਤੋਂ ਡਰਦੇ ਨੂੰ,
ਮੱਝ ਓਹ ਮੀਣੀ ਯਾਦ ਆਉਂਦੀ ਐ,
ਪਹੁ ਫੁਟਾਲੇ ਹੁਣ ਸੁਣਦਾ ਸਿਰਫ ਸ਼ੋਰ-ਸ਼ਰਾਬਾ,
ਓਦੋਂ ਅਮ੍ਰਿਤ ਵੇਲੇ ਗੁਰੂ ਘਰੋਂ ਆਉਂਦੀ,
ਮਨ ਨੂੰ ਸ਼ਾਂਤ ਕਰ ਗੁਰੂ ਲੜ ਲਾਉਂਦੀ,
ਨਾਨਕ ਦੀ ਓਹ ਬਾਣੀ ਯਾਦ ਆਉਂਦੀ ਐ,
ਯਾਰ ਜ਼ਿੰਦਗੀ ਦੇ ਰੁਝੇਵਿਆਂ 'ਚ ਪੈ ਗਏ,
ਹੁਣ ਬਸ ਕੰਪਨੀ ਦੇ ਕੰਮਾਂ ਜੋਗੇ ਰਹਿ ਗਏ,
ਯਾਰਾਂ ਨਾਲ ਬਿਤਾਈ ਜ਼ਿੰਦਗੀ ਪੁਰਾਣੀ ਯਾਦ ਬੜੀ ਆਉਂਦੀ ਐ,
ਢੋਲੇ ਦੀਆਂ ਲਾਉਂਦੀ ਯਾਰਾਂ ਦੀ ਓਹ ਢਾਣੀ ਯਾਦ ਆਉਂਦੀ ਐ,
ਭਾਂਵੇ ਘੁੰਮਦੇ ਹਾਂ ਹੁਣ ਵਿਚ ਮੋਟਰ ਕਾਰਾਂ,
ਹੋਰ ਵੀ ਮਿਲ ਗਏ ਆ ਸੁੱਖ ਦੇ ਸਾਧਨ ਹਜ਼ਾਰਾਂ,
ਪਰ ਅੱਜ ਵੀ ਰਾਹੇ ਜਾਂਦੇ ਗਰੇਵਾਲ ਨੂੰ, ਮੇਲੇ ਜਾਂਦੇ ਹੋਏ...
ਮੋਢੇ ਬਾਪੂ ਦੇ 'ਤੇ ਲਈ ਢਾਣੀ ਯਾਦ ਆਉਂਦੀ ਐ,
ਬਚਪਨ ਦੀ ਹਰ ਮੌਜ ਮਾਣੀ ਯਾਦ ਆਉਂਦੀ ਐ...
<<-- Return to My Diary Index
|